Home | Stories | Boliyaan | Gurbani Vichar

ਬੀਅਰ ’ਚ ਕਿਹੜਾ ਨਸ਼ਾ ਹੁੰਦਾ - ਪੰਜਾਬੀ ਕਹਾਣੀਆਂ


ਗੱਲ ਉਸ ਸਮੇਂ ਦੀ ਆ ਜਦੋਂ ਬੜੇ ਚਾਵਾਂ-ਲਾਡਾਂ ਨਾਲ ਬਖਤਾਵਰ ਸਿਉਂ ਨੇ ਆਪਣੀ ਧੀ ਦੀ ਡੋਲ਼ੀ ਘਰੋਂ ਤੋਰੀ ਸੀ। ਬੜੀਆਂ ਰੌਣਕਾਂ ਲੱਗੀਆ ਸੀ ਸ਼ਾਮ ਕੌਰ ਕੇ ਘਰ। ਨਾਨਕਿਆਂ ਨੇ ਤਾਂ ਕਹਿੰਦੇ ਸਮਾਂ ਬੰਨ੍ਹ ਕੇ ਬਿਠਾ ਤਾ ਸੀ। “ਦੇਖ ਲਾ ਹਰਨਾਮ ਕੁਰੇ, ਬਖਤਾਵਰ ਸਿਉਂ ਤਾਂ ਭਾਈ ਹਰ ਇੱਕ ਨੂੰ ਕਹਿੰਦਾ ਸੀ ਮੇਰੀ ਕੁੜੀ ਦਾ ਰਿਸ਼ਤਾ ਕਰਵਾਉ।” ਸ਼ਾਮ ਕੌਰ ਦੀ ਭੂਆ ਨੇ ਆਪਣੀ ਭਾਬੀ ਨੂੰ ਕਿਹਾ, “ਅੱਜ ਮੇਰੇ ਵੀਰ ਨੂੰ ਇੰਨਾ ਖੁਸ਼ ਵੇਖ ਕੇ ਮੇਰੇ ਕੋਲੋਂ ਤਾਂ ਚਾਅ ਈ ਨਹੀਂ ਚੱਕਿਆ ਜਾਂਦਾ।”

ਵੇਖਦਿਆਂ-ਵੇਖਦਿਆਂ ਮਹੀਨਾ ਕਿਵੇਂ ਲੰਘ ਗਿਆ ਕਿਸੇ ਨੂੰ ਪਤਾ ਈ ਨਹੀਂ ਚੱਲਿਆ। ਬਖਤਾਵਰ ਸਿਉਂ ਦੇ ਜੁਆਈ ਨੂੰ ਪੰਝੀ ਏਕੜ ਭੋਇੰ ਆਉਂਦੀ ਸੀ ਤੇ ਘਰਦਿਆਂ ਦਾ ਇਕਲੌਤਾ ਮੁੰਡਾ ਸੀ ਜਸ਼ਨ। ਘਰ ‘ਚ ਖੁਸ਼ੀਆਂ ਦਾ ਮਹੌਲ ਗਮੀ ’ਚ ਬਦਲਣ ਲੱਗਾ। ਹੋਣੀ ਨੂੰ ਕੋਣ ਟਾਲ ਸਕਦਾ, ਜਸ਼ਨ ਦੇ ਦੋਸਤਾਂ ਨੇ ਵਿਆਹ ਦੀ ਪਾਰਟੀ ਕਰਦੇ ਸਮੇਂ ਥੋੜੀ ਜਿਹੀ ਬੀਅਰ ਈ ਤਾਂ ਲਾਈ ਸੀ ਉਹਦੇ ਮੂੰਹ ਨੂੰ, ਨਾਲੇ ਕਹਿੰਦੇ ਪੀ ਜਾ-ਪੀ ਜਾ ਸ਼ੇਰ ਬਣਕੇ, ਇਹਦੇ ਵਿੱਚ ਕਿਹੜਾ ਕੋਈ ਨਸ਼ਾ ਹੁੰਦਾ। ਤੇ ਜਸ਼ਨ ਨੂੰ ਪਤਾ ਈ ਨਹੀ ਚੱਲਿਆ ਉਹ ਬੀਅਰ ਤੋਂ ਕਦੋਂ ਚਿੱਟੇ ਤੇ ਪਹੁੰਚ ਗਿਆ। ਜਸ਼ਨ ਦੇ ਘਰ ਕਲੇਸ਼ ਰਹਿਣ ਲੱਗਾ। ਜਸ਼ਨ ਹਰ ਇੱਕ ਕੋਲੋਂ ਪੈਸੇ ਉਧਾਰ ਮੰਗ ਕੇ ਨਸ਼ਾ ਕਰਦਾ ਤੇ ਉਹਦਾ ਬਾਪ ਕਰਨੈਲ ਸਿੰਘ ਲੋਕਾਂ ਨੂੰ ਪੈਸੇ ਮੋੜਦਾ ਰਹਿੰਦਾ ਤੇ ਪੁੱਤ ਨੂੰ ਬੋਲਦਾ ਇਹਨਾ ਨਸ਼ਿਆ ਨੂੰ ਛੱਡ ਦੇ ਪੁੱਤ, ਇਹ ਇੱਕ ਦਿਨ ਜਾਨ ਲੈ ਲੈਣਗੇ, ਪਰ ਜਸ਼ਨ ਇੱਕ ਕੰਨ ਚ ਸੁਣਦਾ, ਦੂਜੇ ਕੰਨ ’ਚੋਂ ਕੱਢ ਦਿੰਦਾ।

ਕਰਨੈਲ ਸਿੰਘ ਆਪਣੇ ਮੁੰਡੇ ਜ਼ਸਨ ਨੂੰ ਤਿੰਨ-ਚਾਰ ਵਾਰ ਨਸ਼ਾ ਛੁਡਾਉ ਕੇਂਦਰ ਵਿੱਚ ਲੈ ਕੇ ਗਿਆ। ਜਦੋਂ ਉਹਨੇ ਘਰ ਆਉਣਾ ਉਹਦੇ ਸਾਥੀਆਂ ਨੇ ਲੁਕ ਛਿਪ ਕੇ ਨਸ਼ਾ ਦੇ ਜਾਣਾ। ਕੁਲ ਮਿਲਾ ਕਿ ਜ਼ਸਨ ਇਸ ਲਤ ਤੋਂ ਪਿੱਛਾ ਨਾ ਛੁਡਾ ਸਕਿਆ। ਕਰਨੈਲ ਸਿਉਂ ਤੋਂ ਇਹ ਸਭ ਕੁਝ ਸਹਾਰ ਨਾ ਹੋਇਆ ਤੇ ਇੱਕ ਸਵੇਰ ਦਿਲ ’ਚ ਦਰਦ ਉੱਠਿਆ ਤੇ ਉਹ ਸਦਾ ਦੀ ਨੀਂਦ ਸੌ ਗਿਆ। ਹੱਦ ਉਸ ਵਕਤ ਹੋ ਗਈ ਕਦੋਂ ਜਸ਼ਨ ਨਸ਼ੇ ’ਚ ਟੁੰਨ ਹੋ ਕੇ ਘਰ ਹੀ ਪਿਆ ਰਿਹਾ ਤੇ ਬਾਪ ਨੂੰ ਅਗਨੀ ਦੇਣ ਵੀ ਨਾ ਗਿਆ। ਜਸ਼ਨ ਦੀ ਮਾਂ ਹਰ ਕੌਰ ਇਹ ਦੇਖ ਕੇ ਬਹੁਤ ਰੋਈ ਤੇ ਉਹਨੇ ਜਸ਼ਨ ਨੂੰ ਬੁਲਾਉਣਾ ਤੱਕ ਬੰਦ ਕਰ ਦਿੱਤਾ। ਉਧਰ ਜਸ਼ਨ ਦੀ ਵਹੁੱਟੀ ਸ਼ਾਮ ਕੌਰ ਤੇ ਕੀ ਬੀਤਦੀ ਸੀ ਉਹਦਾ ਰੱਬ ਹੀ ਜਾਣਦਾ। ਜਦੋਂ ਸ਼ਾਮ ਕੌਰ ਨੇ ਵੀ ਆਪਣੀ ਮਾਂ ਹਰ ਕੌਰ ਵਾਂਗ ਜਸ਼ਨ ਨੂੰ ਬੁਲਾਉਣਾ ਬੰਦ ਕਰ ਦਿੱਤਾ। ਕੁਝ ਦਿਨ ਜਸ਼ਨ ਪਾਗਲਾਂ ਵਾਂਗ ਆਪਣੇ ਦੋਸਤਾਂ ਕੋਲ ਭੱਜਿਆ ਫਿਰਦਾ ਰਿਹਾ। ਉਹਦਾ ਚਿੱਤ ਕਿਤੇ ਵੀ ਨਹੀਂ ਲੱਗ ਰਿਹਾ ਸੀ। ਉਹ ਆਪਣੇ ਆਪ ਨੂੰ ਲਾਚਾਰ ਤੇ ਬੇਵੱਸ ਮਹਿਸੂਸ ਕਰਨ ਲੱਗਿਆ ਤੇ ਉਹਦੇ ਬਾਪ ਦੀ ਕਹੀ ਗੱਲ ਨੇ ਉਹਦੇ ਐਸੀ ਡੂੰਘੀ ਸੱਟ ਮਾਰੀ ਕਿ ਉਹਦਾ ਬਾਪ ਕਹਿੰਦਾ ਹੁੰਦਾ ਸੀ, “ਪੁੱਤ ਨਸ਼ੇ ਛੱਡ ਦੇ, ਇਹ ਇੱਕ ਦਿਨ ਤੇਰੀ ਜਾਨ ਲੈ ਲੈਣਗੇ।” ਉਸ ਦਿਨ ਜ਼ਸਨ ਆਪਣੇ ਬਾਪ ਨੂੰ ਯਾਦ ਕਰਕੇ ਬਹੁਤ ਰੋਇਆ ਤੇ ਰੋਂਦਾ-ਰੋਂਦਾ ਬੇਹੋਸ਼ ਹੋ ਗਿਆ। ਜਦੋਂ ਜਸ਼ਨ ਦੀ ਮਾਂ ਤੇ ਵਹੁੱਟੀ ਹਸਪਤਾਲ ਲੈ ਕੇ ਗਈਆਂ ਤੇ ਬੇਹੋਸ਼ੀ ਦੀ ਹਾਲਤ ਚ ਜਸ਼ਨ ਬੋਲ ਰਿਹਾ ਸੀ, “ਬਾਪੂ, ਮੈਨੂੰ ਮੁਆਫ ਕਰਦੇ। ਮੈਂ ਨਸ਼ਾ ਛੁਡਾਉ ਕੇਂਦਰ ਜਾਣਾ, ਮੈ ਨਸ਼ਾ ਛੁਡਾਉ ਕੇਂਦਰ ਜਾਣਾ…..।”


ਗੁਰਪ੍ਰੀਤ ‘ਬਾਸੀਆਂ’
ਪਿੰਡ ਤੇ ਡਾ. ਬਾਸੀਆਂ ਬੇਟ
ਲੁਧਿਆਣਾ


About us | Contact us