Home | Stories | Boliyaan | Gurbani Vichar

ਹੋਰ ਫੁਟਕਲ ਬੋਲੀਆਂ - Punjabi Boliyaan

ਈਰਕੇ ਈਰਕੇ ਈਰਕੇ ਈਰਕੇ ਨੀ ...
ਅਖ੍ਹਾਂ ਜਾ ਲੜੀਆਂ ਘੁੰਡ ਚੀਰ ਕੇ ਨੀ ....
ਜਿਥੇ ਸਈਓ ਆਪਾਂ ਖੜੀਆਂ ਓਥੇ ਸ਼ੱਕਰ ਵੰਡੀ ਸੀ ...
ਓਹ ਵੇਖੋ ਓ ਰੋਂਦਾ ਜਾਂਦਾ ਜਿਨੂ ਪੇਹ੍ਲਾਂ ਮੈਂ ਮੰਗੀ ਸੀ .....
ਵੇ ਤੂ ਮੰਗਿਆ ਜਾਏਂਗਾ ਵੇ ਤੂ ਵਿਆਇਆ ਜਾਏਂਗਾ ...
ਤੈਨੂੰ ਮੇਰੇ ਵਰਗੀ ਨੀ ਥਿਔਨਿ ਵੇ ਮੁੜ ਇਥੇ ਈ ਆਏਂਗਾ ..
ਸਾਉਣ ਮਹੀਨੇ ਮੀਂਹ ਪਿਆ ਪੈਂਦਾ ਗੋਡੇ ਗੋਡੇ ਘਾਹ .....
ਨੀਂ ਮੈਂ ਰਿੰਨੀਆਂ ਸੇਵੀਆਂ ...
ਕਮਲੇ ਨੂੰ ਚੜ ਗਿਆ ਚਾਅ.....
ਓ ਅ ਪੜ ਨੀ ਬਚਨੀਏ, ਲੋਂਗ ਦੱਬੀ ਵਿਚ ਪਾ ਕੇ
ਜਿੰਨਾ ਤੇਰੀ ਘੜੀ ਜੰਜੀਰੀ , ਹਰੀਆਂ ਡੋਰਾਂ ਪਾ ਕੇ
ਮਿੱਤਰਾਂ ਦੇ ਮਨ ਲਗ ਗੀ , ਤੁਰਦੀ ਹੁਲਾਰਾ ਖਾ ਕੇ
ਹਕੀਮ ਤਾਰਾ ਚੰਦ , ਰੁਪਈਏ ਲੈ ਲੈ ਪੰਜ
ਮੇਰੀ ਨਬ੍ਜ਼ ਨਾੜੀ ਦੇਖ ਲੈ ,ਚਲਦੀ ਏ ਕੇ ਬੰਦ
ਕਦੇ ਹਾਂ ਕਰਕੇ ਕਦੇ ਹੂੰ ਕਰਕੇ
ਗੇੜਾ ਦੇ ਦੇ ਨੀਂ ਮੁਟਿਆਰੇ ਲੰਬੀ ਬਾਂਹ ਕਰਕੇ
ਨਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੁਹੰ
ਨੀਂ ਬੋਲੀ ਮੈਂ ਪਾਂਵਾਂ ਨਚ ਗਿਧੇ ਵਿਚ ਤੂੰ
ਜੱਟੀਆਂ ਪੰਜਾਬ ਦੀਆਂ ਉਚੀਆਂ ਤੇ ਲੰਬੀਆਂ
ਨਚ ਨਚ ਧਰਤ ਹਿਲਾਉਣਗੀਆਂ , ਅੱਜ ਗਿਧੇ ਵਿਚ ਭੜਥੂ ਪਾਉਣਗੀਆਂ
ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਮਾੜੀ
ਓਥੋਂ ਦੀਆਂ ਦੋ ਕੁੜੀਆਂ ਸੁਣੀਦੀਆਂ , ਇਕ ਪਤਲੀ ਇਕ ਭਾਰੀ
ਪਤਲੀ ਦਾ ਤਾ ਵਿਆਹ ਹੋ ਗਿਆ ਭਾਰੀ ਅਜੇ ਕਵਾਰੀ
ਆਪੇ ਲੈ ਜਾਣਗੇ ਜਿੰਨਾ ਨੂੰ ਲੱਗੂ ਪਿਆਰੀ
ਤੂੰਬਾ ਆਰ ਸੁਟੀਦਾ, ਤੂੰਬਾ ਪਾਰ ਸੁਟੀਦਾ
ਲੰਬੜਦਾਰਾ ਦੇ ਦਰਵਾਜੇ ਥਾਣੇਦਾਰ ਕੁੱਟੀਦਾ
ਚੰਨਾ ਵੇ ਤੇਰੀ ਚਾਂਦਨੀ ਤਾਰਿਆ ਵੇ ਤੇਰੀ ਲੋਅ
ਜਦੋਂ ਮੈਂ ਤੁਰਦੀ ਆਂ ਰਾਹੀ ਜਾਂਣ ਖਲੋ
ਪੰਦਰਾਂ ਸਾਲ ਦੀ ਹੋਗੀ ਜੈ ਕੁਰੇ ਸਾਲ ਸੋਹ੍ਲਵਾਂ ਚੜਿਆ
ਹੁੰਮ ਹੁੰਮਾ ਕੇ ਚੜੀ ਜਵਾਨੀ ਨਾਗ ਇਸ਼ਕ ਦਾ ਲੜਿਆ
ਬਾਪੁ ਓਹਦੇ ਨੇ ਅਖ ਪਛਾਣੀ ਲੈ ਪੰਡਤਾ ਘਰ ਵੜਿਆ
ਮਿੱਤਰਾਂ ਨੂੰ ਫਿਕਰ ਪਿਆ , ਵਿਆਹ ਜੈਕੁਰ ਦਾ ਧਰਿਆ
ਮੇਰੀ ਚੁੰਨੀ ਦੇ ਸਿਤਾਰੇ ਜਿਵੇਂ ਅੰਬਰਾਂ ਦੇ ਤਾਰੇ
ਲਿਸ਼ਕਾਰਾ ਪੈਂਦਾ ਸੱਤ ਰੰਗ ਦਾ
ਮੁੰਡਾ ਮੋਹ ਲਿਆ ਸੋਨੇ ਦੀ ਵੰਗ ਵਰਗਾ
ਘੁੰਡ ਦਾ ਗਿਧੇ ਵਿਚ ਕੰਮ ਕੀ ਗੋਰੀਏ
ਵਿਚ ਬੈਠੇ ਤੇਰੇ ਹਾਣੀ
ਜਾ ਘੁੰਡ ਕਢਦੀ ਬਹੁਤੀ ਸੋਹਣੀ ਜਾ ਘੁੰਡ ਕਢਦੀ ਕਾਣੀ
ਤੂੰ ਤਾਂ ਮੈਨੂੰ ਲੱਗੇ ਮਜਾਜਣ ਘੁੰਡ ਚੋਣ ਅਖ ਪਛਾਣੀ
ਖੁੱਲ ਕੇ ਨਚ ਲੈ ਨੀਂ, ਬਣਜਾ ਗਿਧੇ ਦੀ ਰਾਣੀ
ਮਾਲਵੇ ਦੀ ਜੱਟੀ ਨੀਂ ਮੈਂ ਗਿਧੀਆਂ ਦੀ ਰਾਣੀ ਆ
ਚੰਨ ਵਰਗੀ ਮੇਰੀ ਹੂਰ ਸੋਹਣਿਆ ਦੂਲ ਦੂਲ ਪੈਂਦਾ ਨੂਰ
ਵੇ ਚੰਡੀਗੜ ਕੋਠੀ ਪਾ ਦੇ ਪਿੰਡਾਂ ਵਿਚ ਉੜਦੀ ਧੂੜ
ਕਦੇ ਆਇਆ ਕਰੋ ਕਦੇ ਜਾਇਆ ਕਰੋ ਪੱਤੇ ਤੋੜ ਤੋੜ ਸੀਟੀਆਂ ਵਜਾਇਆ ਕਰੋ
ਭੱਤਾ ਲੈ ਕੇ ਚੱਲੀ ਖੇਤ ਨੂੰ ਸਿਰ ਟੇ ਲੈ ਕੇ ਪੱਲਾ
ਚੋਦਰੀਆਂ ਦਾ ਮੁੰਡਾ ਮਿਲ ਗਿਆ ਓਹ ਵੀ ਕੱਲਮ ਕੱਲਾ
ਨਾ ਨਾ ਨਾ ਨਾ ਕਰਦੀ ਰਹਿ ਗਈ ਲਾਹ ਕੇ ਲੈ ਗਿਆ ਛਲ੍ਲਾ
ਹਾਏ ਨੀ ਮੇਰੀ ਅੱਲਾ ਈ ਅੱਲਾ
ਚਾਵਲਾਂ ਦਾ ਪਾਣੀ ਨੀਂ ਮੈਂ ਬੂਹੇ ਅੱਗੇ ਰੋੜਿਆ
ਆਉਂਦਾ ਜਾਂਦਾ ਫਿਸਲ ਗਿਆ ਨੀਂ
ਮੇਰਾ ਰੋਂਦੀ ਦਾ ਹਾਸਾ ਨਿਕਲ ਗਿਆ ਨੀਂ
ਦਰ ਤੇਰੇ ਤੇ ਜੋਗੀ ਬੈਠਾ , ਬੈਠਾ ਧੂਣੀ ਧੁਖਾਈ
ਦਰ ਤੇਰੇ ਤੋਂ ਖੈਰ ਨੀਂ ਮੰਗਦਾ, ਖੈਰ ਪਾਉਣ ਨਾ ਆਈਂ
ਇਧਰ ਜਾਂਦੀ ਓਧਰ ਜਾਂਦੀ ਰਤਾ ਕੁ ਫੇਰਾ ਪੈਨ
ਨੀਂ ਵਿਚ ਦਰਵਾਜ਼ੇ ਦੇ ਝਾਂਜਰ ਨਾ ਛਣਕਾਈਂ
ਇਸ਼ਕ ਇਸ਼ਕ ਨਾ ਕਰਿਆ ਕਰ ਨੀਂ, ਵੇਖ ਇਸ਼ਕ ਦੇ ਕਾਰੇ
ਨੀਂ ਇਸ ਇਸ਼ਕ ਨੇ ਜੋਬਨ ਲੁੱਟੇ , ਕਈ ਡੋਬੇ ਕਈ ਤਾਰੇ
ਤੂੰ ਹਸਦੀ ਦਿਲ ਰਾਜੀ ਮੇਰਾ, ਲਗਦੇ ਬੋਲ ਪਿਆਰੇ
ਫੇਲ ਕਰਾਤਾ ਨੀਂ, ਤੈਂ ਲੰਮੀਏ ਮੁਟਿਆਰੇ
ਨਥ ਪਾ ਕੇ ਆਈ ਸੀ ਮੈਂ ਟਿੱਕਾ ਲਾ ਕੇ ਆਈ ਸੀ
ਲੋਂਗ ਪਾ ਕੇ ਹੁਣੇ ਆਈ ਆਂ , ਵੇਖ ਲੰਬੜਾ ਨਿਹਾਲ ਕੁਰ ਆਈ ਆ
ਅੰਮ੍ਰਿਤਸਰ ਤੋਂ ਲਿਆ ਦੁਪੱਟਾ , ਲੁਧਿਆਣੇ ਤੋਂ ਕੁੜਤੀ
ਚੰੜੀਗਡੋੰ ਸਲਵਾਰ ਸਵਾ ਲਈ , ਮੁਕਤਸਰੋਂ ਲੈ ਲਈ ਜੁੱਤੀ
ਕਢਵੀਂ ਜੁੱਤੀ ਹਰੀਆਂ ਵੇਲਾਂ ਫੁੱਲ ਗੁਲਾਬੀ ਕਾਲੇ
ਬਣ ਹੀਰ ਕੁੜੇ ਮੈਂ ਚੱਲੀਆਂ ਮੁਕਲਾਵੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਧੂਰੀ
ਓਥੋ ਦੇ ਦੋ ਮੁੰਡੇ ਸੁਣੀਂਦੇ ਕਛ ਵਿਚ ਰਖਦੇ ਕਤੂਰੀ
ਪਹਿਲਾਂ ਓਹਨੂੰ ਦੁਧ ਪਿਲਾਉਂਦੇ ਫੇਰ ਖਵਾਉਂਦੇ ਚੂਰੀ
ਕੁੜੀ ਹਾਣ ਦੀਏ ਨਚ ਲੈ ਹੋ ਕਰ ਦੂਹਰੀ
ਉਚਾ ਬੁਰਜ ਬਰਾਬਰ ਮੋਰੀ ਦੀਵਾ ਕਿਥੇ ਧਰੀਏ
ਚਾਰੇ ਨੈਣ ਕਟਾ ਵਢ ਹੋਗੇ , ਹਾਮੀ ਕਿਹਦੀ ਭਰੀਏ
ਨਾਰ ਬਿਗਾਨੀ ਦੀ ਬਾਂਹ ਨਾ ਮੂਰਖਾ ਫੜੀਏ
ਮਿਰਚਾਂ ਕੁਰ੍ਕੁਰੀਆਂ ਨਾਲੇ , ਛੋਲਿਆਂ ਦੀ ਦਾਲ ਕਰਾਰੀ
ਜੱਟ ਨੇ ਹੋਰ ਮੰਗਲੀ, ਮੈਂ ਵੀ ਕੜਛੀ ਵਗਾ ਕੇ ਮਾਰੀ
ਨਾਲੇ ਓਦਾ ਬੁੱਲ ਭੱਜਿਆ ਨਾਲੇ ਆਕੜ ਭੱਜ ਗਈ
ਵੇ ਕਾਹਨੂੰ ਛੇੜੀ ਸੀ ਨਾਗਾਂ ਦੀ ਪਟਿਆਰੀ , ਵੇ ਕਾਹਨੂੰ ਛੇੜੀ ਸੀ ਲਾਟ ਸਾਬ ਦੀ ਸਾਲੀ
ਮੈਨੂ ਬੜਾ ਕੁੱਟਿਆ ਤੇ ਮੈਂ ਬੜਾ ਰੋਈ
ਕੀ ਰਾਤੀਂ ਦੈਗੜ ਦੈਗੜ ਹੋਈ
ਸ਼ਹਿਰ ਨੂੰ ਨਾ ਸ਼ਹਿਰ ਨੂੰ ਨਾ ਜਾਈਂ ਗੋਰੀਏ ਨੀਂ ਪੈਰੀਂ ਪਾ ਕੇ ਸਲੀਪਰ ਕਾਲੇ
ਤੋਰ ਤੇਰੀ ਤੋਰ ਤੇਰੀ ਦੇਖ ਜੱਟੀਏ ਨੀ ਪੱਟੇ ਜਾਣਗੇ ਸ਼ਹਿਰ ਦੇ ਲਾਲੇ
ਕੁੜੀ ਆ ਮੈਂ ਕੁੜੀ ਆ ਮੈਂ ਜੈਲਦਾਰ ਦੀ ਵੇ ਪੈਰੀਂ ਜੁੱਤੀ ਏ ਖੁਰਮ ਦੀ ਕਾਲੀ
ਦੇਖ੍ਜੁਗਾ ਕਿਹੜਾ ਚੰਨਾ ਅਖ ਭਰ ਕੇ ਵੇ ਜੱਟੀ ਪੰਦਰਾਂ ਮੁਰੱਬਿਆਂ ਵਾਲੀ
ਰਾਇਪੁਰ ਗੁਜਰਵਾਲ ਕੋਈ ਦਰਵਾਜਾ ਈ ਹੈ ਨੀ ...ਬੱਲੇ ਨੀਂ ਦਰਵਾਜਾ ਈ ਹੈ ਨੀ
ਪਿੰਡ ਬੜੇ ਸਰਦਾਰ ,ਕੋਈ ਦਰਵਾਜਾ ਈ ਹੈ ਨੀ ....ਸ਼ਾਵਾ ਨੀਂ ਦਰਵਾਜਾ ਈ ਹੈ ਨੀ
ਵੱਡਾ ਕਾਰੋਬਾਰ ਕੋਈ ਦਰਵਾਜਾ ਈ ਹੈ ਨੀ...ਹਾਲ ਨੀਂ ਦਰਵਾਜਾ ਈ ਹੈ ਨੀ
ਨਾਂ ਕੰਧ ਨਾਂ ਕੋਈ ਬਾਰ, ਕੋਈ ਦਰਵਾਜਾ ਈ ਹੈ ਨੀ...ਹਾਲ ਨੀਂ ਦਰਵਾਜਾ ਈ ਹੈ ਨੀ
ਨੀਂ ਤੂੰ ਨਚ ਨਚ ਨਚ ਨੀਂ ਤੂੰ ਹੋਲੀ ਹੋਲੀ ਨਚ
ਡਿਗ ਪਵੇ ਨਾ ਗਵਾਂਢੀਆਂ ਦੀ ਕੰਧ ਬੱਲੀਏ
ਤੇਰਾ ਗਿੱਧਾ ਸਾਰੇ ਪਿੰਡ ਨੂੰ ਪਸੰਦ ਬੱਲੀਏ
ਨੀਂ ਤੂੰ ਨਚ ਨਚ ਨਚ ਨੀਂ ਤੂੰ ਹੋਲੀ ਹੋਲੀ ਨਚ
ਮੇਰਾ ਦਿਲ ਧੜਕੇ ,,,ਆਜਾ ਨਚ ਲੈ ਗਿਧੇ ਚ ਮੇਰੀ ਬਾਂਹ ਫੜਕੇ
ਰੂਪ ਦੇ ਸ਼ਿਕਾਰੀ ਅਖ ਰਖਦੇ ਕਵਾਰੀਆਂ ਤੇ
ਅਸੀਂ ਵੀ ਨੀਂ ਰਹਿਣਾ ਕਿਸੇ ਕੋਲੋਂ ਡਰ ਕੇ
ਕੇੜਾ ਲੰਘ ਜੁ ਜੱਟੀ ਦੇ ਵੱਲ ਅਖ ਕਰਕੇ
ਨੀਂ ਮੈਂ ਆਵਾਂ ਆਵਾਂ ਆਵਾਂ , ਨੀਂ ਮੈਂ ਚੰਨ ਤੇ ਪੀਂਘਾਂ ਪਾਂਵਾਂ
ਮਾਰ ਹੁਲਾਰਾ ਸਿਖਰ ਚੜਾਵਾਂ , ਮੇਰੀ ਨਚਦੀ ਦੀ ਝਾਂਜਰ ਛਣਕੇ ਨੀ
ਨੀਂ ਮੈਂ ਨਚ੍ਲਾਂ ਪਟੋਲਾ ਬਣ ਕੇ ਨੀ

About us | Contact us